ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ’ਚ ਜਿੱਥੇ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਹੈ, ਉਨ੍ਹਾਂ ਪਿੰਡਾਂ ਦੇ 20 ਘਰਾਂ ‘ਚ ਪਿਛਲੇ ਦਿਨੀਂ ਕਿਲਕਾਰੀਆਂ ਗੂੰਜੀਆਂ ਹਨ। ਸਿਹਤ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਸਿਹਤ ਸਹੂਲਤਾਂ ਨਾਲ ਸਾਰੇ ਜੱਚਾ-ਬੱਚਾ ਸਿਹਤਮੰਦ ਅਤੇ ਸੁਰੱਖਿਅਤ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਣੇਪਾ ਉਪਰੰਤ ਦੀ ਮੈਡੀਕਲ ਸਹਾਇਤਾ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ 42 ਹੋਰ ਗਰਭਵਤੀ ਔਰਤਾਂ ਦੀ ਪਹਿਲਾਂ ਹੀ ਪਛਾਣ ਕੀਤੀ ਹੋਈ ਹੈ, ਜਿਨ੍ਹਾਂ ਦਾ ਜਣੇਪਾ ਆਉਣ ਵਾਲੇ ਦਿਨਾਂ ’ਚ ਹੋਣ ਵਾਲਾ ਹੈ। ਇਹ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂ ਦੂੱਗਲ ਅਤੇ ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਤਿਆਰੀਆਂ ਕਰਨ ਲਈ ਸਮਾਂ ਮਿਲ ਗਿਆ ਸੀ, ਜਿਸ ਆਧਾਰ ’ਤੇ ਸਿਹਤ ਵਿਭਾਗ ਨੇ ਵਿਭਾਗ ਕੋਲ ਰਜਿਸਟਰਡ ਗਰਭਵਤੀ ਔਰਤਾਂ ਦੀ ਸੂਚੀ ਅਨੁਸਾਰ ਇਸ ਸਮੇਂ ਅਨੁਸਾਰ ਹੋਣ ਵਾਲੇ ਜਣੇਪਿਆਂ ਦੀ ਸੂਚੀ ਪਹਿਲਾਂ ਹੀ ਤਿਆਰ ਕਰ ਕੇ ਯੋਜਨਾਬੰਦੀ ਕਰ ਲਈ ਸੀ।