ਸਰੀ, 23 ਜੁਲਾਈ (ਹਰਦਮ ਮਾਨ)-ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਕੈਨੇਡਾ ਵਸਦੇ ਇਤਿਹਾਸਕਾਰ ਸੋਹਣ ਸਿੰਘ ਪੂਨੀ ਦੀ ਬੰਗਾ ਇਲਾਕੇ ਦੇ ਅਮੀਰ ਇਤਿਹਾਸ ਬਾਰੇ ਲਿਖੀ ਗਈ ਨਵ-ਪ੍ਰਕਾਸ਼ਿਤ ਪੁਸਤਕ ‘ਸਲਾਮ ਬੰਗਾ’ ਲੋਕ ਅਰਪਣ ਕਰਨ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਇਸ ਪੁਸਤਕ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਪੁਸਤਕ ਰਿਲੀਜ਼ ਕਰਨ ਦੀ ਰਸਮ ਸੋਹਣ ਸਿੰਘ ਪੂਨੀ ਦੀ ਸੁਪਤਨੀ ਵਿੰਮੀ ਨੇ ਅਦਾ ਕੀਤੀ।
ਸਟੇਜ ਦੇ ਸੰਚਾਲਕ ਕਿਰਪਾਲ ਬੈਂਸ ਨੇ ਸਮਾਗਮ ਦਾ ਆਗਾਜ਼ ਕਰਦਿਆਂ ਸੋਹਣ ਸਿੰਘ ਪੂਨੀ ਅਤੇ ‘ਸਲਾਮ ਬੰਗਾ’ ਪੁਸਤਕ ਬਾਰੇ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਬੰਗਾ ਇਲਾਕੇ ਦੇ ਮਾਣਮੱਤੇ ਇਤਿਹਾਸ ਅਤੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਖੋਜ ਭਰਪੂਰ ਵਰਨਣ ਕੀਤਾ ਗਿਆ ਹੈ।
ਪੁਸਤਕ ਬਾਰੇ ਬੋਲਦਿਆਂ ਡਾ. ਸਾਧੂ ਬਿੰਨਿੰਗ ਨੇ ਕਿਹਾ ਕਿ ਇਸ ਕਿਤਾਬ ਦਾ ਹਰ ਸਫਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੇਖਕ ਨੂੰ ਬੰਗਾ ਇਲਾਕੇ ਦੇ ਲੋਕਾਂ ਨਾਲ ਅਥਾਹ ਪਿਆਰ ਹੈ। ਪ੍ਰੋ. ਕਸ਼ਮੀਰਾ ਸਿੰਘ ਨੇ ਕਿਹਾ ਕਿ ਸੋਹਣ ਸਿੰਘ ਪੂਨੀ ਇਤਿਹਾਸ ਦੇ ਖੋਜਕਾਰ ਹਨ ਅਤੇ ਇਸ ਪੁਸਤਕ ਵਿਚ ਉਨ੍ਹਾਂ ਦੀ ਖੋਜ, ਮਿਹਨਤ ਸਾਫ਼ ਝਲਕਦੀ ਹੈ ਅਤੇ ਇਹ ਖੋਜ ਸੱਚ ਦੇ ਬਹੁਤ ਨੇੜੇ ਹੈ। ਸਤਵੰਤ ਦੀਪਕ ਨੇ ਕਿਹਾ ਕਿ ਇਸ ਪੁਸਤਕ ਨੂੰ ਰਸੂਲ ਹਮਜਾਤੋਵ ਦੀ ਕਿਤਾਬ ‘ਮੇਰਾ ਦਾਗਿਸਤਾਨ’ ਦੇ ਬਰਾਬਰ ਦੀ ਰਚਨਾ ਕਹਿ ਸਕਦੇ ਹਾਂ।
ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਨੇ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਾਤਾਂ, ਧਰਮਾਂ, ਖਿੱਤਿਆਂ ਵਿਚ ਵੰਡੇ ਹੋਏ ਹਾਂ ਪਰ ਉਨ੍ਹਾਂ ਵਿਚ ਵੰਡੇ ਹੋਏ ਲੋਕ ਸਾਰੇ ਮਾੜੇ ਨਹੀਂ ਹੁੰਦੇ,ਚੰਗੇ ਵੀ ਬਹੁਤ ਹਨ। ਲੇਖਕ ਨੇ ਸਾਰੀਆਂ ਧਿਰਾਂ ਵੱਲ ਦੇਖਣਾ ਹੁੰਦਾ ਹੈ ਅਤੇ ਬੇਹੱਦ ਮਿਹਨਤੀ ਤੇ ਖੋਜ ਬਿਰਤੀ ਦੇ ਮਾਲਕ ਸੋਹਣ ਸਿੰਘ ਪੂਨੀ ਨੇ ਲੇਖਕ ਅਤੇ ਇਤਿਹਾਸਕਾਰ ਦੀ ਜ਼ਿੰਮੇਵਾਰੀ ਨੂੰ ਇਸ ਪੁਸਤਕ ਵਿਚ ਬਾਖੂਬੀ ਨਿਭਾਇਆ ਹੈ। ਨਾਮਵਰ ਆਲੋਚਕ ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਲੇਖਕ ਦੀਆਂ ਯਾਦਾਂ ਅਤੇ ਜੀਵਨੀ ਨਾਲ ਜੁੜੀ ਇਹ ਪੁਸਤਕ ਬੰਗਾ ਇਲਾਕੇ ਅਤੇ ਇਤਿਹਾਸ ਦਾ ਮਹੱਤਵਪੂਰਨ ਦਸਤਾਵੇਜ ਹੈ। ਪੁਸਤਕ ਉਪਰ ਮੁਖਤਿਆਰ ਸਿੰਘ ਬੋਪਾਰਾਏ, ਮੱਖਣ ਸਿੰਘ ਟੁੱਟ, ਮਿੱਠਾ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਦਰਸ਼ਨ ਖਟਕੜ, ਡਾ. ਸੁਰਿੰਦਰ ਧੰਜਲ ਅਤੇ ਪਰਮਿੰਦਰ ਸਵੈਚ ਨੇ ਨੇ ਆਪਣੇ ਸੁਨੇਹਿਆਂ ਰਾਹੀਂ ਇਸ ਪੁਸਤਕ ਲਈ ਸੋਹਣ ਸਿੰਘ ਪੂਨੀ ਨੂੰ ਮੁਬਾਰਕਬਾਦ ਦਿੱਤੀ।
ਪੁਸਤਕ ਦੇ ਲੇਖਕ ਸੋਹਣ ਸਿੰਘ ਪੂਨੀ ਨੇ ਅੰਤ ਵਿਚ ਸਾਰੇ ਵਿਦਵਾਨਾਂ, ਬੁਲਾਰਿਆਂ, ਈਸਟ ਇੰਡੀਅਨ ਡਿਫੈਂਸ ਕਮੇਟੀ ਦੇ ਸਾਰੇ ਮੈਂਬਰਾਂ ਅਤੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਕਾਮਾਗਾਟਾਮਾਰੂ ਜਹਾਜ਼ ਦੀ ਵਰ੍ਹੇਗੰਢ ਬਾਰੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ 23 ਜੁਲਾਈ ਨੂੰ 1914 ਨੂੰ ਇਸ ਜਹਾਜ਼ ਦੀ ਵਾਪਸੀ ਹੋਈ ਸੀ। ਉਨ੍ਹਾਂ ਵਿਸਥਾਰ ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਵੈਨਕੂਵਰ ਬੰਦਰਗਾਹ ਉਤਰਨ ਦੀ ਆਗਿਆ ਨਾ ਦੇਣ ਪਿੱਛੇ ਹਕੂਮਤ ਦੀ ਮਨਸ਼ਾ, ਉਸ ਸਮੇਂ ਦੇ ਹਾਲਾਤ, ਭਾਈਚਾਰੇ ਦੇ ਲੋਕਾਂ ਅਤੇ ਸੋਸ਼ਲਿਸਟ ਪਾਰਟੀ ਦੇ ਕਾਰਕੁਨਾਂ ਵੱਲੋਂ ਜਹਾਜ਼ ਦੇ ਮੁਸਾਫ਼ਰਾਂ ਦੀ ਮਦਦ ਲਈ ਕੀਤੇ ਯਤਨਾਂ ਦਾ ਇਤਿਹਾਸ ਵਰਨਣ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663