ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਨੰਦ ਕਾਰਜ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ’ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਡੈਸਟੀਨੇਸ਼ਨ ਵੈਡਿੰਗ ’ਚ ਲੋਕ ਥੀਮ ਅਧਾਰਿਤ ਵਿਆਹ ਕਰਦੇ ਸਨ ਜਿਵੇਂ ਕਿ ਬੀਚ ਕਿਨਾਰੇ ਜਾਂ ਫਿਰ ਕਿਸੇ ਰਿਸੋਰਟ ਵਿਚ ਹੀ ਅਨੰਦ ਕਾਰਜ ਦੀਆਂ ਰਸਮਾਂ ਕਰ ਲਈਆਂ ਜਾਂਦੀਆਂ ਸਨ। ਹੁਣ ਇਸ ਤਰ੍ਹਾਂ ਦੇ ਡੈਸਟੀਨੇਸ਼ਨ ਵਿਆਹਾਂ ਮੌਕੇ ਆਨੰਦ ਕਾਰਜ ਨਹੀਂ ਹੋਣਗੇ। ਇਹ ਫ਼ੈਸਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿਚ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਲਿਆ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਮੈਰਿਜ ਪੈਲੇਸ ਵਿਚ ਪਹਿਲਾਂ ਤੋਂ ਆਨੰਦ ਕਾਰਜ ਕਰਵਾਉਣ ’ਤੇ ਪਾਬੰਦੀ ਲੱਗੀ ਹੋਈ ਹੈ। ਬੀਤੇ ਦਿਨੀਂ ਇਕ ਅਜਿਹੇ ਮਾਮਲੇ ਵਿਚ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਬੀਚ ਕਿਨਾਰੇ ਆਨੰਦ ਕਾਰਜ ਕਰਵਾਏ ਜਾ ਰਹੇ ਸਨ, ਇਸ ਨੂੰ ਦੇਖਦਿਆਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਵਿਆਹ ਦੀ ਪਾਰਟੀ ਭਾਵੇਂ ਕਿਤੇ ਵੀ ਕੀਤੀ ਜਾ ਸਕਦੀ ਹੈ ਪਰ ਲਾਵਾਂ ਫੇਰੇ ਗੁਰਦੁਆਰਾ ਸਾਹਿਬ ’ਚ ਹੀ ਲੈਣੇ ਪੈਣਗੇ।