ਡਰੱਗਜ਼ ਮਾਮਲੇ ਵਿਚ ਗ੍ਰਿਫ਼ਤਾਰ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। 2015 ਵਿਚ ਡੀ. ਆਈ. ਜੀ. ਫਿਰੋਜ਼ਪੁਰ ਅਮਰ ਸਿੰਘ ਚਹਿਲ ਦੀ ਅਗਵਾਈ ਹੇਠ ਬਣੀ ਐੱਸ. ਆਈ. ਟੀ. ਦੀ ਰਿਪੋਰਟ ਤੋਂ ਐਕਸਕਲੂਸਿਵ ਜਾਣਕਾਰੀ ਮਿਲੀ ਹੈ। 2015 ਦੀ ਐੱਸ. ਆਈ. ਟੀ. ਰਿਪੋਰਟ ਨੂੰ ਮੌਜੂਦਾ ਐੱਸ. ਆਈ. ਟੀ. ਨੇ ਆਧਾਰ ਮੰਨਿਆ ਹੈ।
ਪੂਰਾ ਮਾਮਲਾ ਇੰਟਰਨੈਸ਼ਨਲ ਡਰੱਗਜ਼ ਕਾਰਟੇਲ ਦਾ ਸੀ, ਜਿਸ ਦਾ ਮੁੱਖ ਮੁਲਜ਼ਮ ਮੇਜਰ ਸਿੰਘ ਬਾਜਵਾ ਸੀ, ਜੋ ਈਸਟ ਲੰਡਨ ਦਾ ਰਹਿਣ ਵਾਲਾ ਸੀ। ਮੇਜਰ ਸਿੰਘ ਬਾਜਵਾ ਦਾ ਪਾਕਿਸਤਾਨ ਬੇਸਡ ਇਮਤਿਆਜ਼ ਕਾਲਾ ਨਾਲ ਸਿੱਧਾ ਸਬੰਧ ਸੀ। ਇਮਤਿਆਜ਼ ਕਾਲਾ ਆਈ. ਐੱਸ. ਆਈ. ਦਾ ਡਰੱਗ ਹੈਂਡਲਰ ਸੀ, ਜੋ ਭਾਰਤ ਵਿਚ ਡਰੱਗਜ਼ ਸਪਲਾਈ ਕਰਦਾ ਸੀ।
ਦੂਜੇ ਪਾਸੇ ਮੇਜਰ ਸਿੰਘ ਬਾਜਵਾ, ਗੁਰਦੇਵ ਸਿੰਘ ਨਾਲ ਸਿੱਧੇ ਸੰਪਰਕ ਵਿਚ ਸੀ। ਗੁਰਦੇਵ ਸਿੰਘ ਦੀ ਭੈਣ ਚਰਨਜੀਤ ਕੌਰ ਈਸਟ ਲੰਡਨ ਵਿਚ ਰਹਿੰਦੀ ਸੀ। ਅਜਿਹਾ ਸਾਬਤ ਹੁੰਦਾ ਹੈ ਕਿ ਗੁਰਦੇਵ ਸਿੰਘ ਅਤੇ ਮੇਜਰ ਬਾਜਵਾ ਦਰਮਿਆਨ ਦੀ ਅਹਿਮ ਕੜੀ ਚਰਨਜੀਤ ਕੌਰ ਸੀ। ਪੁਲਸ ਨੇ ਆਪਣੀ ਕਾਰਵਾਈ ਵਿਚ ਇਸ ਰੈਕੇਟ ਤੋਂ ਵੱਡੀ ਰਿਕਵਰੀ ਕੀਤੀ। 1 ਕਿਲੋ 800 ਗ੍ਰਾਮ ਹੈਰੋਇਨ, 24 ਗੋਲਡ ਬਿਸਕੁਟ 333 ਗ੍ਰਾਮ, ਇਕ ਕੰਟਰੀ ਮੇਡ ਪਿਸਤੌਲ 2 ਕਾਰਤੂਸਾਂ ਨਾਲ, ਇਕ ਰਿਵਾਲਵਰ 25 ਕਾਰਤੂਸਾਂ ਨਾਲ, 2 ਪਾਕਿਸਤਾਨੀ ਸਿਮ, ਇਕ ਮੋਬਾਇਲ, ਇਕ ਟਾਟਾ ਸਫਾਰੀ ਐੱਕਸ. ਯੂ. ਵੀ. ਜੋ ਗੁਰਦੇਵ ਸਿੰਘ ਚੇਅਰਮੈਨ ਦੇ ਨਾਂ ਸੀ। ਇਨ੍ਹਾਂ ਦਾ ਪਾਕਿਸਤਾਨ ਵਿਚ ਬੈਠੇ ਇਮਤਿਆਜ਼ ਕਾਲਾ ਨਾਲ ਸੰਪਰਕ ਸੀ, ਜੋ ਲਾਹੌਰ ਦਾ ਰਹਿਣ ਵਾਲਾ ਸੀ।
ਐੱਸ. ਆਈ. ਟੀ. 2015 ਦੀ ਰਿਪੋਰਟ ਮੁਤਾਬਕ ਸੁਖਪਾਲ ਸਿੰਘ ਖਹਿਰਾ ਇਸ ਡਰੱਗਜ਼ ਸਮੱਗਲਿੰਗ ਦੇ ਮਾਡਿਊਲ ਨਾਲ ਸੰਪਰਕ ਵਿਚ ਸਨ, ਜਿਸ ਵਿਚ ਚਰਨਜੀਤ ਕੌਰ ਨਾਲ ਉਨ੍ਹਾਂ ਸਿੱਧੀ ਗੱਲ ਕੀਤੀ। ਖਹਿਰਾ ਨੇ ਆਪਣੇ ਡਰਾਈਵਰ ਮਨਜੀਤ ਅਤੇ ਆਪਣੇ ਪੀ. ਏ. ਮਨੀਸ਼ ਦੇ ਫੋਨ ਤੋਂ ਚਰਨਜੀਤ ਕੌਰ ਨਾਲ ਗੱਲ ਕੀਤੀ। ਐੱਸ. ਆਈ. ਟੀ. ਦੀ ਰਿਪੋਰਟ ਮੁਤਾਬਕ ਕਨਵਰਸੇਸ਼ਨ ਚਾਰਟ 4 ਮਾਰਚ, 2015 ਨੂੰ ਇਹ ਦਿਖਾਉਂਦਾ ਹੈ ਕਿ ਚਰਨਜੀਤ ਕੌਰ, ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਆਪਸ ਵਿਚ ਇਕ-ਦੂਜੇ ਦੇ ਸੰਪਰਕ ਵਿਚ ਸਨ। ਪੀ. ਐੱਸ. ਓ. ਜੋਗਾ ਸਿੰਘ ਰਾਹੀਂ ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕਰਦਾ ਸੀ।