ਕ੍ਰਿਕਟਰ ਹਰਭਜਨ ਸਿੰਘ ਜੋ ਹੁਣ ਸਿਆਸਤਦਾਨ ਵੀ ਬਣ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣਾਏ ਗਏ ਹਨ, ਲਗਾਤਾਰ ਚਰਚਾ ਵਿਚ ਹਨ। ਜਲੰਧਰ ਤੋਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਪਰ ਉਹ ਜਲੰਧਰ ਆਉਣ ਤੋਂ ਪਿਛਲੇ ਕਾਫ਼ੀ ਸਮੇਂ ਤੋਂ ਕਤਰਾ ਰਹੇ ਸਨ। ਹੜ੍ਹ ਵਿਚ ਡੁੱਬੇ ਲੋਕਾਂ ਦੀਆਂ ਦਾਸਤਾਨ ਵੀ ਉਨ੍ਹਾਂ ਨੂੰ ਜ਼ਿਆਦਾ ਦੇਰ ਪਿਘਲਾ ਨਹੀਂ ਸਕੀ ਪਰ ਅਖ਼ੀਰ ਉਹ ਲੋਕਾਂ ਦਾ ਹਾਲ ਪੁੱਛਣ ਆ ਹੀ ਗਏ।
ਹੁਣ ਇਕ ਵਾਰ ਮੁੜ ਹਰਭਜਨ ਸਿੰਘ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਹ ਚਰਚਾ ਹੈ ਉਨ੍ਹਾਂ ਦੇ ਸੰਸਦ ਵਿਚੋਂ ਗਾਇਬ ਰਹਿਣ ਦੀ। ਫਰਵਰੀ ਵਿਚ ਬਜਟ ਸੈਸ਼ਨ ਦੌਰਾਨ ਹਰਭਜਨ ਸਿੰਘ ਨੇ ਇਕ ਵੀ ਦਿਨ ਸੈਸ਼ਨ ਵਿਚ ਹਿੱਸਾ ਨਹੀਂ ਲਿਆ। ਰਾਜ ਸਭਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 10 ਦਿਨ ਦੇ ਸੈਸ਼ਨ ਦੌਰਾਨ ਹਰਭਜਨ ਸਿੰਘ ਇਕ ਵਾਰ ਵੀ ਹਾਜ਼ਰ ਨਹੀਂ ਹੋਏ। ਜੇ ਹਾਊਸ ਵਿਚ ਹਾਜ਼ਰੀ ਹੀ ਦਰਜ ਨਹੀਂ ਹੋਈ ਤਾਂ ਜਲੰਧਰ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਿਵੇਂ ਰੱਖੀ ਗਈ ਹੋਵੇਗੀ।