ਸ਼ਹਿਰ ’ਚ ਲਗਭਗ 7 ਮਹੀਨਿਆਂ ਬਾਅਦ ਫਿਰ ਮੋਰਟਾਰ ਬੰਬ ਸ਼ੈੱਲ ਮਿਲਣ ਨਾਲ ਭਾਜੜ ਮਚ ਗਈ। ਐਤਵਾਰ ਬਾਪੂਧਾਮ ਦੇ ਪਿੱਛੇ ਸ਼ਾਸਤਰੀ ਨਗਰ ਦੇ ਬਰਸਾਤੀ ਚੋਅ ‘ਚੋਂ ਜ਼ਿੰਦਾ ਮੋਰਟਾਰ ਸ਼ੈੱਲ ਮਿਲਿਆ। ਮੋਰਟਾਰ ਸ਼ੈੱਲ ਨੂੰ ਬੱਚੇ ਚੋਅ ‘ਚੋਂ ਕੱਢ ਕੇ ਸੜਕ ’ਤੇ ਲੈ ਆਏ। ਬੱਚਿਆਂ ਕੋਲ ਜ਼ਿੰਦਾ ਮੋਰਟਾਰ ਸ਼ੈੱਲ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਬੰਬ ਡਿਸਪੋਜ਼ਲ ਟੀਮ, ਆਪਰੇਸ਼ਨ ਸੈੱਲ ਅਤੇ ਆਈ. ਟੀ. ਪਾਰਕ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਟ੍ਰੈਫਿਕ ਪੁਲਸ ਨੇ ਸ਼ਾਸਤਰੀ ਨਗਰ ਤੋਂ ਬਾਪੂਧਾਮ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਅਤੇ ਆਸ-ਪਾਸ ਦਾ ਸਾਰਾ ਇਲਾਕਾ ਖ਼ਾਲੀ ਕਰਵਾਇਆ ਗਿਆ। ਚੰਡੀਗੜ੍ਹ ਪੁਲਸ ਦੇ ਅਫ਼ਸਰਾਂ ਨੇ ਜ਼ਿੰਦਾ ਮੋਰਟਾਰ ਸ਼ੈੱਲ ਸਬੰਧੀ ਤੁਰੰਤ ਵੈਸਟ ਕਮਾਂਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਸਾਢੇ ਪੰਜ ਵਜੇ ਫ਼ੌਜ ਦੇ ਜਵਾਨ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਜ਼ਿੰਦਾ ਮੋਰਟਾਰ ਸ਼ੈੱਲ ਦੀ ਜਾਂਚ ਕੀਤੀ ਅਤੇ ਗੱਡੀ ’ਚ ਲੋਡ ਕਰ ਕੇ ਆਪਣੇ ਨਾਲ ਲੈ ਗਏ। ਜਾਂਚ ’ਚ ਸਾਹਮਣੇ ਆਇਆ ਕਿ ਮੀਂਹ ’ਚ ਮੋਰਟਾਰ ਸ਼ੈੱਲ ਰੁੜ੍ਹ ਕੇ ਸੁਖਨਾ ਚੋਅ ਤੋਂ ਸ਼ਾਸਤਰੀ ਨਗਰ ਪੁਲ ਕੋਲ ਪਹੁੰਚ ਗਿਆ ਸੀ।