ਮਾਸਟਰ ਸਲੀਮ ਇਨ੍ਹੀਂ ਦਿਨੀਂ ਵਿਵਾਦਾਂ ’ਚ ਹਨ। ਹਾਲ ਹੀ ’ਚ ਉਨ੍ਹਾਂ ਨੇ ਨਕੋਦਰ ਵਿਖੇ ਮਾਂ ਚਿੰਤਪੂਰਨੀ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ, ਜਿਸ ਦੀ ਲੋਕਾਂ ਵਲੋਂ ਸਖ਼ਤ ਨਿੰਦਿਆ ਕੀਤੀ ਜਾ ਰਹੀ ਹੈ। ਮਾਸਟਰ ਸਲੀਮ ਨੇ ਹੁਣ ਆਪਣੇ ਇਸ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ ਤੇ ਲੋਕਾਂ ਕੋਲੋਂ ਮੁਆਫ਼ੀ ਵੀ ਮੰਗੀ ਹੈ।
ਮਾਸਟਰ ਸਲੀਮ ਨੇ ਨਕੋਦਰ ਵਿਖੇ ਕਿਹਾ ਸੀ,‘‘ਮੈਂ ਚਿੰਤਪੂਰਨੀ ਗਿਆ, ਮਾਤਾ ਰਾਣੀ ਦੇ ਦਰਸ਼ਨ ਕੀਤੇ, ਪੂਜਾਰੀ ਜੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ। ਇਸ ਤੋਂ ਬਾਅਦ ਮੈਨੂੰ ਕਹਿੰਦੇ ਆਰਤੀ ਲੈ ਲਓ, ਫਿਰ ਮੈਂ ਆਰਤੀ ਲਈ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਆਓ ਬੈਠਦੇ ਹਾਂ, ਫਿਰ ਉਨ੍ਹਾਂ ਕਿਹਾ ਕਿ ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ, ਹੁਣ ਸੁਣਾਓ ਮੇਰੇ ਪਿਓ ਦਾ ਕੀ ਹਾਲ ਹੈ, ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ।’’ ਇਸ ਬਿਆਨ ਤੋਂ ਬਾਅਦ ਲੋਕਾਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਇੰਸਟਾਗ੍ਰਾਮ ’ਤੇ ਇਕ ਲਾਈਵ ਵੀਡੀਓ ਪੋਸਟ ਕਰਦਿਆਂ ਮਾਸਟਰ ਸਲੀਮ ਵਲੋਂ ਮੁਆਫ਼ੀ ਮੰਗੀ ਗਈ।