ਲਾਹੌਰ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਉਸ ਦਾ ਮੁਲਕ ਦੁਨੀਆਂ ਤੋਂ ਪੈਸੇ ਦੀ ਭੀਖ ਮੰਗ ਰਿਹਾ ਹੈ, ਜਦੋਂਕਿ ਗੁਆਂਢੀ ਦੇਸ਼ ਭਾਰਤ ਚੰਦ ’ਤੇ ਪਹੁੰਚ ਗਿਆ ਹੈ ਅਤੇ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਦੇਸ਼ ਦੇ ਆਰਥਿਕ ਸੰਕਟ ਲਈ ਸਾਬਕਾ ਜਰਨੈਲਾਂ ਅਤੇ ਜੱਜਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪਾਕਿਸਤਾਨ ਦੀ ਅਰਥਵਿਵਸਥਾ ਪਿਛਲੇ ਕਈ ਸਾਲਾਂ ਤੋਂ ਤੇਜ਼ੀ ਨਾਲ ਗਿਰਾਵਟ ਵੱਲ ਹੈ ਅਤੇ ਬੇਕਾਬੂ ਹੋਈ ਮਹਿੰਗਾਈ ਕਾਰਨ ਗ਼ਰੀਬ ਲੋਕਾਂ ’ਤੇ ਦਬਾਅ ਵਧ ਰਿਹਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਵਰਚੁਅਲੀ ਮੀਟਿੰਗ ਨੂੰ ਲੰਡਨ ਤੋਂ ਸੰਬੋਧਨ ਕਰਦਿਆਂ ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ਼ ਨੇ ਕਿਹਾ, ‘‘ਅੱਜ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਫੰਡਾਂ ਦੀ ਭੀਖ ਮੰਗਣ ਲਈ ਦੇਸ਼-ਦੇਸ਼ ਜਾ ਰਿਹਾ ਹੈ, ਜਦੋਂਕਿ ਭਾਰਤ ਚੰਨ ’ਤੇ ਪਹੁੰਚ ਗਿਆ ਹੈ ਅਤੇ ਜੀ-20 ਮੀਟਿੰਗਾਂ ਕਰਵਾ ਰਿਹਾ ਹੈ। ਭਾਰਤ ਨੇ ਜੋ ਕਮਾਲ ਕੀਤਾ, ਉਹ ਪਾਕਿਸਤਾਨ ਕਿਉਂ ਨਹੀਂ ਕਰ ਸਕਿਆ। ਇਸ ਸਭ ਲਈ ਜ਼ਿੰਮੇਵਾਰ ਕੌਣ ਹੈ?’’
ਪੀਐੱਮਐੱਲ-ਐੱਨ ਦੇ 73 ਸਾਲਾ ਸੁਪਰੀਮੋ ਨੇ ਕਿਹਾ ਕਿ ਭਾਰਤ ਨੇ ਆਪਣੀ ਸਰਕਾਰ ਵੱਲੋਂ 1990 ਵਿੱਚ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ, ‘‘ਜਦੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਸ ਕੋਲ ਸਿਰਫ਼ ਇੱਕ ਅਰਬ ਡਾਲਰ ਦਾ ਭੰਡਾਰ ਸੀ, ਪਰ ਹੁਣ ਭਾਰਤ ਦਾ ਵਿਦੇਸ਼ੀ ਵਟਾਂਦਰਾ ਭੰਡਾਰ 600 ਅਰਬ ਡਾਲਰ ਹੋ ਗਿਆ ਹੈ।’’