ਜੰਮੂ ਦੇ ਰਾਜੌਰੀ ਖੇਤਰ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦੀ ਪਾ ਗਿਆ। ਧੂਰੀ ਦੇ ਪਿੰਡ ਭਸੌੜ ਦੇ ਸ਼ਹੀਦ ਹੋਏ 25 ਸਾਲਾ ਜਵਾਨ ਹਰਸਿਮਰਨ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਨਮ ਅੱਖਾਂ ਨਾਲ ਆਖਰੀ ਵਿਦਾਇਗੀ ਦਿੱਤੀ ਗਈ। ਸ਼ਹੀਦ ਹਰਸਿਮਰਨ ਸਿੰਘ ਨੂੰ ਪੰਜਾਬ ਪੁਲਸ ਦੀ ਇਕ ਟੁਕੜੀ ਵੱਲੋਂ ਹਥਿਆਰਬੰਦ ਸਲਾਮੀ ਦਿੱਤੀ ਗਈ। ਸਸਕਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁੱਜੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਹਰਸਿਮਰਨ ਸਿੰਘ ਦੀ ਮ੍ਰਿਤਕ ਦੇਹ ’ਤੇ ਰੀਥ ਰੱਖ ਕੇ ਉਸ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਮਾਨ ਦੇ ਓ.ਐੱਸ.ਡੀ. ਪ੍ਰੋ. ਓਂਕਾਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ ਵੱਲੋਂ ਵੀ ਰੀਥ ਰੱਖ ਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਵੱਲੋਂ ਦੇਸ਼ ਦੀ ਰਾਖੀ ਅਤੇ ਸੇਵਾ ਲਈ ਆਪਣੀ ਜਾਨ ਵਾਰੀ ਗਈ ਹੈ, ਇਸ ਲਈ ਉਹ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਸ਼ਹੀਦ ਹੈ। ਉਨ੍ਹਾਂ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਨੂੰ ਪੈਣ ਵਾਲਾ ਘਾਟਾ ਤਾਂ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਵੱਲੋਂ ਆਪਣੀ ਪਾਲਿਸੀ ਅਨੁਸਾਰ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਪੀ. ਧੂਰੀ ਯੋਗੇਸ਼ ਸ਼ਰਮਾ, ਡੀ.ਐੱਸ.ਪੀ. ਗੁਰਮੁੱਖ ਸਿੰਘ, ਚੇਅਰਮੈਨ ਰਾਜਵੰਤ ਸਿੰਘ, ਤਹਿਸੀਲਦਾਰ ਮਨਜੀਤ ਸਿੰਘ, ਡਾ. ਅਨਵਰ ਭਸੌੜ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।