ਭਾਰਤ ਵੱਲੋਂ ਦਿੱਤੇ ਗਏ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਆਸਟ੍ਰੇਲੀਆ ਦੇ ਓਪਨਿੰਗ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਡੇਵਿਡ ਵਾਰਨਰ ਕ੍ਰੀਜ਼ ‘ਤੇ ਆ ਗਏ। ਬੁਮਰਾਹ ਨੇ ਪਹਿਲੀ ਹੀ ਗੇਂਦ ‘ਤੇ ਡੇਵਿਡ ਵਾਰਨਰ ਦੇ ਬੱਲੇ ਦਾ ਕਿਨਾਰਾ ਛੁਹਾਇਆ, ਪਰ ਸਲਿਪ ਤੇ ਕੀਪਰ, ਦੋਵਾਂ ਨੇ ਹੀ ਹੱਥ ਅੱਗੇ ਨਹੀਂ ਕੀਤਾ। ਇਹ ਗੇਂਦ ਵਿਕਟ ਦਿਵਾ ਸਕਦੀ ਸੀ, ਪਰ ਚੌਕਾ ਦਿਵਾ ਗਈ। ਇਸ ਤੋਂ ਬਾਅਦ ਅਗਲਾ ਓਵਰ ਕਰਵਾਉਣ ਆਏ ਸ਼ੰਮੀ ਨੇ ਵਾਰਨਰ ਨੂੰ ਸਲਿਪ ‘ਚ ਕੋਹਲੀ ਹੱਥੋਂ ਕੈਚ ਆਊਟ ਕਰਵਾਇਆ। ਖ਼ਤਰਨਾਕ ਰਵੱਈਏ ਨਾਲ ਖੇਡ ਰਹੇ ਮਾਰਸ਼ ਨੂੰ ਵੀ ਬੁਮਰਾਹ ਨੇ ਰਾਹੁਲ ਹੱਥੋਂ ਵਿਕਟਾਂ ਪਿੱਛੇ ਕੈਚ ਆਊਟ ਕਰਵਾ ਕੇ ਆਸਟ੍ਰੇਲੀਆ ਦੀ ਟੀਮ ਨੂੰ ਦੂਜਾ ਝਟਕਾ ਦਿੱਤਾ। ਮਾਰਸ਼ 15 ਗੇਂਦਾਂ ‘ਚ 15 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਸਟੀਵ ਸਮਿਥ ਵੀ ਜ਼ਿਆਦਾ ਕੁਝ ਨਹੀਂ ਕਰ ਸਕਿਆ ਤੇ 4 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ‘ਤੇ ਐੱਲ.ਬੀ. ਡਬਲਯੂ ਆਊਟ ਹੋ ਗਿਆ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਤਰੀਕੇ ਨਾਲ ਖੇਡਦਿਆਂ 58 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕਰ ਲਿਆ। ਲਾਬੂਸ਼ੇਨ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਵੀ ਹੋ ਗਈ। ਖ਼ਬਰ ਲਿਖੇ ਜਾਣ ਤੱਕ ਆਸਟ੍ਰੇਲੀਆ ਦਾ ਸਕੋਰ 30 ਓਵਰਾਂ ‘ਚ 3 ਵਿਕਟ ਦੇ ਨੁਕਸਾਨ ‘ਤੇ 167 ਦੌੜਾਂ ਸੀ। ਖ਼ਬਰ ਲਿਖੇ ਜਾਣ ਤੱਕ ਟ੍ਰੈਵਿਸ ਹੈੱਡ 86 ਅਤੇ ਲਾਂਬੂਸ਼ੇਨ 37 ਦੌੜਾਂ ਬਣਾ ਕੇ ਖੇਡ ਰਹੇ ਸਨ।