ਮੋਹਾਲੀ : ਇਥੇ ਸੈਕਟਰ 63 ਸਪੋਰਟਸ ਕੰਪਲੈਕਸ ਦੇ ਹੋਸਟਲ ਦੇ ਖਿਡਾਰੀਆਂ ਦੀ ਅੱਜ ਸਵੇਰੇ ਅਚਾਨਕ ਸਿਹਤ ਵਿਗੜ ਗਈ ਜਿਸ ਕਰਕੇ 48 ਖਿਡਾਰੀਆਂ ਨੂੰ ਸਿਵਲ ਹਸਪਤਾਲ ਮੁਹਾਲੀ ਭਰਤੀ ਹੋਣਾ ਪਿਆ। ਮੁਢਲੀ ਜਾਣਕਾਰੀ ‘ਚ ਇਹ ਖ਼ਬਰ ਸਾਹਮਣੇ ਆਈ ਸੀ ਕਿ ਵਿਦਿਆਰਥੀਆਂ ਨੇ ਸਵੇਰ ਦੇ ਨਾਸ਼ਤੇ ‘ਚ ਦਲੀਆ ਖਾਧਾ ਸੀ ਜਿਸ ਵਿਚ ਕਿਰਲੀ ਡਿੱਗਣ ਦਾ ਸ਼ੱਕ ਹੈ। ਸਿਵਲ ਹਸਪਤਾਲ ਮੋਹਾਲੀ ਦੇ ਡਾ. ਐੱਚ ਐੱਸ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੁੱਲ 48 ਖਿਡਾਰੀ ਇਲਾਜ ਅਧੀਨ ਹੈ ਪਰ ਸਾਰਿਆਂ ਦੀ ਹਾਲਤ ਸਥਿਰ ਹੈ।
ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਪਤਾ ਲੱਗਾ ਕਿ ਬੱਚਿਆਂ ਨੇ ਦਲੀਆ ਖਾ ਲਿਆ ਹੈ, ਜਿਸ ਵਿਚ ਕਿਰਲੀ ਡਿੱਗ ਗਈ ਸੀ ਤੇ ਉਹ ਬਿਮਾਰ ਹੋ ਗਏ ਸਨ। ਇਸ ਤੋਂ ਬਾਅਦ ਐੱਸਐੱਮਓ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਸਵੇਰੇ ਡਾਕਟਰਾਂ ਦੀ ਟੀਮ ਹਸਪਤਾਲ ਪਹੁੰਚੀ ਤੇ ਬੱਚਿਆਂ ਦਾ ਤੁਰੰਤ ਇਲਾਜ ਕੀਤਾ, ਜਿਸ ਤੋਂ ਬਾਅਦ ਬੱਚਿਆਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਪਰ ਫਿਰ ਵੀ ਉਨ੍ਹਾਂ ਨੂੰ ਨਿਗਰਾਨੀ ਲਈ ਰੱਖਿਆ ਗਿਆ ਹੈ।