ਜਲੰਧਰ: ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਪਿੰਡ ਨੌਲੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ 6 ਦਿਨ ਪਹਿਲਾਂ ਭਾਰਤ ਤੋਂ ਕੈਨੇਡਾ ਗਿਆ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਟੋਰਾਂਟੋ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਗੱਗੂ ਓਨਟਾਰੀਓ ਦੇ ਸ਼ਹਿਰ ਬੈਰੀ ‘ਚ ਆਪਣੇ ਜਾਣ-ਪਛਾਣ ਵਾਲਿਆਂ ਕੋਲ ਚਲਾ ਗਿਆ। ਉਹ ਬਿਲਕੁਲ ਠੀਕ ਸੀ,ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਗਨਦੀਪ ਉਰਫ ਗੱਗੂ ਨੂੰ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਖਰਚ ਕਰਨ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੁਪਨੇ ਵੀ ਉਸ ਦੀ ਮੌਤ ਨਾਲ ਚਕਨਾਚੂਰ ਹੋ ਗਏ ਹਨ। ਗੱਗੂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਗੱਗੂ ਦੇ ਪਿਤਾ ਮੋਹਨ ਲਾਲ ਅਤੇ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਪੁੱਤਰ ਨੂੰ ਉਸ ਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਭੇਜਿਆ ਸੀ ਪਰ ਉੱਥੇ ਪਹੁੰਚਦੇ ਹੀ ਮੌਤ ਦੇ ਜ਼ਾਲਮ ਪੰਜੇ ਨੇ ਉਸ ਨੂੰ ਉਨ੍ਹਾਂ ਤੋਂ ਖੋਹ ਲਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗੱਗੂ ਦੇ ਕੈਨੇਡਾ ਜਾਣ ਨੂੰ ਲੈ ਕੇ ਘਰ ਦੀਆਂ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।